Homepage

ਲੇਬਰ ਪਾਰਟੀ ਅਤੇ ਬਰਤਾਨੀਆ ਦਾ “ਆਲਮੀ ਰੋਲ


ਬਰਤਾਨੀਆਂ ਦੀ ਲੇਬਰ ਪਾਰਟੀ ਦੀ ਹੁਣੇ ਜਿਹੇ ਹੋਈ ਸਾਲਾਨਾ ਕਾਨਫਰੰਸ ਦੇ ਇਕ ਪੂਰੇ ਸੈਸ਼ਨ ਵਿਚ ਬਰਤਾਨੀਆਂ ਦੇ “ਆਲਮੀ ਰੋਲ” ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿਚ ਲੇਬਰ ਪਾਰਟੀ ਦੇ ਸ਼ੈਡੋ ਡੀਫੈਂਸ ਮੰਤਰੀ ਜਿਮ ਮਰਫ਼ੀ, ਸ਼ੈਡੋ ਕੌਮਾਂਤਰੀ ਵਿਕਾਸ ਮੰਤਰੀ ਇਵਾਨ ਲੂਈਸ ਅਤੇ ਸ਼ੈਡੋ ਬਦੇਸ਼ ਸਕੱਤਰ ਡਗਲਸ ਅਲੈਗਜ਼ੈਂਡਰ ਨੇ ਮੁਖ ਤਕਰੀਰਾਂ ਕੀਤੀਆਂ।

ਤਿੰਨੇ ਸ਼ੈਡੋ ਮੰਤਰੀਆਂ ਦੀਆਂ ਤਕਰੀਰਾਂ ਦਾ ਅਧਾਰ ਸੀਰੀਆ ਓਤੇ ਹਮਲਾ ਕਰਨ ਦੇ ਮਤੇ ਦੀ ਪਾਰਲੀਮੈਂਟ ਵਿਚ ਹੋਈ ਹਾਰ  ਸੀ। ਉਨ੍ਹਾਂ ਨੇ ਇਸ ਮਤੇ ਦੀ ਹਾਰ ਨੂੰ ਲੇਬਰ ਪਾਰਟੀ ਦੀ ਜਿੱਤ ਵਜੋਂ ਪੇਸ਼ ਕੀਤਾ ਪਰ ਇਹ ਵੀ ਸਾਫ਼ ਕੀਤਾ ਕਿ ਲੇਬਰ ਪਾਰਟੀ ਇਸ ਗੱਲ ਦੇ ਬਿਲਕੁਲ ਖ਼ਿਲਾਫ਼ ਹੈ ਕਿ ਹੁਣ ਇਕ ਪਾਸੇ ਹੋ ਬਹਿ ਜਾਈਏ ਤੇ ਬਾਕੀ ਦੁਨੀਆਂ ਦੀ ਕਿਸੇ ਗੱਲ ਵਿਚ ਦਖ਼ਲ ਹੀ ਨਾ ਦੇਈਏ। ਦਰਅਸਲ, ਲੇਬਰ ਪਾਰਟੀ ਦੇ ਇਨ੍ਹਾਂ ਤਿੰਨਾਂ ਹੀ ਆਗੂਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਲੇਬਰ ਪਾਰਟੀ ਅਤੇ ਭਵਿਖ਼ ਵਿਚ ਬਣਨ ਵਾਲੀ ਇਸ ਦੀ ਸਰਕਾਰ ਦੁਨੀਆਂ ਵਿਚ ਉਠਣ ਵਾਲੇ ਮਸਲਿਆਂ ਵਿਚ ਹੋਰ ਵੀ ਵੱਧ ਚੜ੍ਹ ਕੇ ਦਖ਼ਲ ਅੰਦਾਜ਼ੀ ਕਰੇਗੀ ਅਤੇ “ਅਗਾਂਹਵਧੂ ਕੌਮਾਂਤਰੀਵਾਦ” ਦੇ ਰਾਹ ਤੇ ਚੱਲੇਗੀ।

ਮਿਸਾਲ ਦੇ ਤੌਰ ਤੇ, ਸ਼ੇਡੋ ਡੀਫੈਂਸ ਮੰਤਰੀ ਨੇ ਨਾ ਸਿਰਫ਼ ਅਫ਼ਗਾਨਿਸਤਾਨ ਤੇ ਕਬਜ਼ਾ ਜ਼ਾਰੀ ਰੱਖਣ ਦੀ ਹੀ ਹਿਮਾਇਤ ਕੀਤੀ ਬਲਕਿ ਮਾਲਵੀਨਾ ਤੇ ਕਬਜ਼ਾ ਕਾਇਮ ਰੱਖਣ ਲਈ ਜੰਗ ਦੀ ਹਮਾਇਤ ਵੀ ਕੀਤੀ। ਲੇਬਰ ਪਾਰਟੀ ਦੀ ਵਡਿਆਈ ਕਰਦਿਆਂ ਉਹਨੇ ਕਿਹਾ ਕਿ ਲੇਬਰ ਪਾਰਟੀ ਤਾਂ “ਮਿਲਟਰੀ ਦੇ ਪੱਖ ਦੀ ਪਾਰਟੀ” ਹੈ ਤੇ ਸਾਰੀ ਦੁਨੀਆਂ ਵਿਚ ਨਵੇਂ ਮਿਲਟਰੀ ਅਲਾਇੰਸ ਬਣਾਉਣ ਦੇ ਹੱਕ ਵਿਚ ਹੈ। ਉਹਨੇ ਬੜੇ ਧੜੱਲੇ ਨਾਲ ਇਹ ਗੱਲ ਕਹੀ ਕਿ “ਲੇਬਰ ਪਾਰਟੀ ਨੇ ਆਪਣੀ ਆਲਮੀ ਜੁੰਮੇਵਾਰੀ ਤੋਂ ਕਦੇ ਵੀ ਪਿਠ ਨਹੀਂ ਫੇਰੀ- ਕਈ ਭਾਵੇਂ ਇਹ ਸਮਝਦੇ ਹੋਣ ਕਿ ਅਸੀਂ ਇਕ ਨਿਕਾ ਜਿਹਾ ਮੁਲਕ ਹਾਂ ਪਰ ਸਾਡਾ ਮੁਲਕ ਇਕ ਤਾਕਤਵਰ ਮੁਲਕ ਹੈ ਤੇ ਦੁਨੀਆਂ ਭਰ ਵਿਚ ਇਹਦੀ ਪਹੁੰਚ ਹੈ ਅਤੇ ਐਡ ਮਿਲੀਬੈਂਡ ਦੀ ਅਗਵਾਈ ਵਿਚ ਵੀ ਅਸੀਂ ਇਹ ਰਵਾਇਤ ਕਾਇਮ ਰੱਖਣੀ ਹੈ ਕਿ ਆਪਣੇ ਅਕੀਦੇ ਦੀ ਜੁੰਮੇਵਾਰੀ ਨਿਭਾਉਣ ਲਈ ਸਾਰੀ ਦੁਨੀਆ ਵਿਚ ਜਾਣਾ ਹੈ।”

ਸ਼ੈਡੋ ਡੀਫੈਂਸ ਸਕੱਤਰ ਨੇ ਐਲਾਨ ਕੀਤਾ ਕਿ ਲੇਬਰ ਪਾਰਟੀ ਦੁਨੀਆ ਭਰ ਵਿਚ “ਰੈਡੀਕਲ ਤਬਦੀਲੀ” ਲਿਆਉਣ ਦੇ ਕੰਮ ਵਿਚ ਮੁਹਰੇ ਹੋ ਕੇ ਕੰਮ ਕਰੇਗੀ ਤਾਂਕਿ “ਗਰੀਬੀ ਘਟਾਉਣ” ਦਾ ਕੰਮ ਹੋ ਸਕੇ ਤੇ “ਇਮਦਾਦ” ਤੇ ਨਿਰਭਰ ਹੋਣ ਨਾਲ਼ੋਂ ਆਪਸੀ ਲਾਭ ਤੇ ਸਂਝੀਆਂ ਕਦਰਾਂ ਕੀਮਤਾਂ ਦੇ ਅਧਾਰ ਤੇ ਤੁਅੱਲਕਾਤ ਤਕੜੇ ਕੀਤੇ ਜਾ ਸਕਣ।” ਇਵਾਨ ਲੂਈਸ ਦੇ ਕਹਿਣ ਅਨੁਸਾਰ ਲੇਬਰ ਪਾਰਟੀ ਗਰੀਬ ਮੁਲਕਾਂ ਨੂੰ ਕਾਬੂ ਰੱਖਣ ਲਈ "ਇਮਦਾਦ" ਦਾ ਬੱਜਟ ਮਹਿਫੂਜ਼ ਰੱਖੇਗੀ ਜੋ ਵੱਡੇ ਅਜਾਰੇਦਾਰਾਂ ਨੂੰ ਸਬਸਿਡੀ ਦੇਣ ਲਈ ਵਰਤਿਆ ਜਾਂਦਾ ਹੈ। ਉਹਨੇ ਕਿਹਾ ਕਿ ਲੇਬਰ ਪਾਰਟੀ ਐਸੇ “ਖੱਬੇ ਪੱਖੀ ਅਗਾਂਹਵਧੂ ਸਿਆਸਤਦਾਨਾਂ ਦੀ ਇਕ ਕੁਲੀਸ਼ਨ” ਉਸਾਰਨ ਲਈ ਜ਼ੋਰ ਲਾ ਰਹੀ ਹੈ ਜੋ “ਐਡ ਮਿਲੀਬੈਂਡ ਦੇ ਇਸ ਅਕੀਦੇ ਨਾਲ ਸਹਿਮਤ ਹੋਣ ਕਿ ਹੁਣ ਸੰਸਾਰ ਵਿਚ ਰੈਡੀਕਲ ਤਬਦੀਲੀਆਂ ਲਿਆਉਣ ਦਾ ਵੇਲਾ ਹੈ ਇਕ ਪਾਸੇ ਬਹਿ ਕੇ ਚੂੰ ਚੂੰ ਕਰਨ ਦਾ ਨਹੀਂ।”

ਲੇਬਰ ਪਾਰਟੀ ਦਾ “ਅਗਾਂਹ ਵਧੂ ਕੌਮਾਂਤਰੀਵਾਦ” ਕੀ ਹੈ?  ਇਹਦੀ ਵਿਆਖਿਆ ਡਗਲਸ ਅਲੈਗਜ਼ਾਂਡਰ ਨੇ ਕੁਝ ਇਸ ਤਰ੍ਹਾਂ ਨਾਲ ਕੀਤੀ ਜਿਸਦਾ ਮਤਲਬ ਇਹ ਨਿਕਲਦਾ ਦਿਸਦਾ ਹੈ ਕਿ ਲਿਬੀਆ ਵਿਚ ਗਦਾਫ਼ੀ ਨੂੰ ਗੱਦੀਓਂ ਲਾਹੁਣਾ, ਅਫ਼ਗਾਨਿਸਤਾਨ ਉਤੇ ਕਬਜ਼ਾ ਕਰਨਾ ਤੇ ਕਾਇਮ ਰੱਖਣਾ ਇਸੇ “ਅਗਾਂਹਵਧੂ ਕੌਮਾਂਤਰੀਵਾਦ” ਦਾ ਇਜ਼ਹਾਰ ਹੈ। ਅਤੇ ਬੀਤੇ ਵਾਂਗ ਅਗਾਂਹ ਵੀ ਲੇਬਰ ਪਾਰਟੀ "ਤਾਕਤ ਦੀ ਵਰਤੋਂ" ਦੀ ਹਮਾਇਤ ਕਰਦੀ ਰਹੇਗੀ। ਭਵਿਖ਼ ਦੀ ਲੇਬਰ ਸਰਕਾਰ ਵੀ ਬਰਤਾਨੀਆਂ ਦੀ ਈ.ਯੂ. ਦੀ ਮੈਂਬਰਸ਼ਿਪ ਬਣਾਈ ਰੱਖਣ ਦੀ ਹਾਮੀ ਰਹੇਗੀ, ਜੰਗਬਾਜ਼ ਨੇਟੋ ਅਲਾਇੰਸ ਨੂੰ ਹੋਰ ਮਜ਼ਬੂਤ ਕਰਨ ਦੀ ਹਮਾਇਤ ਕਰੇਗੀ ਅਤੇ ਬਰਤਾਨੀਆਂ ਦੇ ਏਸ਼ੀਆ ਨਾਲ ਸਬੰਧ ਗੂੜ੍ਹੇ ਕਰਨ ਦੀ ਕੋਸ਼ਿਸ਼ ਕਰੇਗੀ। ਸ਼ੇਡੋ ਡੀਫੈਂਸ ਮੰਤਰੀ ਦੀ ਤਕਰੀਰ ਨੇ ਸਰੌਤਿਆਂ ਨੂੰ ਇਹ ਸਮਝਾਉਣ ਦੀ ਸਿਰਤੋੜ ਕੋਸ਼ਿਸ਼ ਕੀਤੀ ਕਿ ਲੇਬਰ ਪਾਰਟੀ  ਕੌਮਾਂਤਰੀ ਮਸਲਿਆਂ ਨੂੰ ਹੱਲ ਕਰਨ ਲਈ “ਤਾਕਤ ਦੀ ਵਰਤੋਂ” ਕਰਨ ਦੀ ਵੈਸਟਮਨਿਸਟਰ ਦੀ ਸਾਂਝੀ ਸੋਚ ਦੀ ਹਾਮੀ ਰਹੇਗੀ ਤੇ ਭਵਿਖ ਵਿਚ ਬਣਨ ਵਾਲੀ ਲੇਬਰ ਸਰਕਾਰ ਹੋਰ ਵੱਡੀਆਂ ਤਾਕਤਾਂ ਨਾਲ ਮਿਲਟਰੀ ਅਲਾਇੰਸ ਤਕੜੇ ਕਰਨ ਲਈ ਵਚਨਬੱਧ ਹੈ। ਲੇਬਰ ਪਾਰਟੀ ਦੇ ਆਗੂਆਂ ਨੇ ਮੌਜੂਦਾ ਕੁਲੀਸ਼ਨ ਸਰਕਾਰ ਦੇ ਕੌਮਾਂਤਰੀ ਮਸਲਿਆਂ ਵਿਚ "ਇਕ ਪਾਸੇ ਹੋ ਕੇ ਬਹਿਣ" ਦੇ ਨਜ਼ਰੀਏ ਨਾਲ਼ੋਂ ਲੇਬਰ ਪਾਰਟੀ ਨੂੰ ਬਿਲਕੁਲ ਅਲ਼ੱਗ ਦਰਸਾਉਣ ਦੀ ਪੂਰੀ ਵਾਹ ਲਾਈ।

ਭਵਿਖ ਵਿਚ ਬਣਨ ਵਾਲੀ ਲੇਬਰ ਸਰਕਾਰ ਦੀ ਇਹ ਸੇਧ ਕੌਮਾਂਤਰੀ ਮਸਲਿਆਂ ਨੂੰ ਹੱਲ ਕਰਨ ਲਈ ਦੂਜੇ ਮੁਲਕਾਂ  ਵਿਚ ਹਥਿਆਰਬੰਦ ਦਖ਼ਲਅੰਦਾਜ਼ੀ ਕਰਨ ਦੀ ਸੇਧ ਹੈ ਭਾਂਵੇ ਇਹ ਦਖ਼ਲਅੰਦਾਜ਼ੀ “ਇਨਸਾਨੀਅਤ” ਦੇ ਨਾਂ ਹੇਠ ਕੀਤੀ ਜਾਵੇ ਜਾਂ “ਅਗਾਂਹਵਧੂ ਕੌਮਾਂਤਰੀਵਾਦ” ਦੇ ਬਹਾਨੇ ਹੇਠ। ਇਸ ਸੇਧ ਦੀ ਡੱਟ ਕੇ ਨਿਖੇਧੀ ਕਰਨ ਦੀ ਲ਼ੋੜ ਹੈ ਕਿਉਂਕਿ ਇਹ ਵੱਡੇ ਫਾਇਨੈਨਸ਼ਲ ਅਦਾਰਿਆਂ ਤੇ ਅਜਾਰੇਦਾਰਾਂ ਦੇ ਹਿਤਾਂ ਦੀ ਰਾਖੀ ਕਰਨ ਦੀ ਸੇਧ ਹੈ। ਇਸ ਨਾਲ ਅੰਤਰਰਾਸ਼ਟਰੀ  ਅਸਥਿਰਤਾ ਅਤੇ ਜੰਗ ਦਾ ਖ਼ਤਰਾ ਹੋਰ ਵਧੇਗਾ। ਇਨ੍ਹਾਂ ਹਾਲਤਾਂ ਵਿਚ ਮਜ਼ਦੂਰ ਜਮਾਤ ਅਤੇ ਅਗਾਂਹਵਧੂ ਲ਼ੋਕਾਂ ਨੂੰ ਆਪਣੀ ਜਦੋਜਹਿਦ ਹੋਰ ਵੀ ਤਿਖੀ ਕਰਨੀ ਹੋਵੇਗੀ ਤਾਂ ਕਿ ਜੰਗ-ਵਿਰੋਧੀ ਸਰਕਾਰ ਕਾਇਮ ਕਰਨ ਦਾ ਸੰਘਰਸ਼ ਅੱਗੇ ਵਧੇ ਤੇ ਬਰਤਾਨੀਆਂ ਦੇ “ਆਲਮੀ ਰੋਲ” ਦੀ ਧਾਰਨਾ ਖ਼ਤਮ ਕੀਤੀ ਜਾ ਸਕੇ।